Principal's Message



ਸਰਕਾਰੀ ਬਿਕਰਮ ਕਾਲਜ (ਪੋਸਟ-ਗਰੈਜੁਏਟ) ਆਫ਼ ਕਾਮਰਸ ਪਟਿਆਲਾ, ਕਾਮਰਸ ਦੇ ਖੇਤਰ ਵਿੱਚ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਹੈ। ਇਸ ਸੰਸਥਾ ਨੇ ਆਪਣੀ ਪੌਣੀ ਸਦੀ ਦੇ ਸਫ਼ਰ ਦੌਰਾਨ ਆਪਣੀਆਂ ਵਿਲੱਖਣ ਅਕਾਦਮਿਕ ਅਤੇ ਸਹਿ-ਵਿਦਿਅਕ ਪ੍ਰਾਪਤੀਆਂ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ। ਇਥੋਂ ਗਿਆਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ ਹੈ। ਆਰਥਿਕਤਾ ਦੇ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਾਲਜ ਵਿੱਚ ਬੀ.ਕਾਮ. ਅਤੇ ਐਮ.ਕਾਮ. ਤੋਂ ਇਲਾਵਾ ਕਾਲਜ ਦੇ ਐਚ.ਆਈ.ਈ.ਐਸ ਵੱਲੋਂ ਬੀ.ਸੀ.ਏ., ਪੀ.ਜੀ.ਡੀ.ਸੀ.ਏ. ਅਤੇ ਐਮ.ਐਸ.ਸੀ. (ਆਈ.ਟੀ.) ਦੇ ਕੋਰਸ ਪਿਛਲੇ ਕਈ ਸਾਲਾਂ ਤੋਂ ਸਫਲਤਾ ਪੂਰਵਕ ਚੱਲ ਰਹੇ ਹਨ।
ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਕਾਲਜ ਵਿੱਚ ਕੈਰੀਅਰ ਐਂਡ ਪਲੇਸਮੈਂਟ ਸੈਲ, ਐਨ.ਸੀ.ਸੀ. ਐਨ.ਐੱਸ.ਐੱਸ., ਖੇਡਾਂ, ਯੂਥ ਕਲੱਬ, ਰੈਡ ਕਰਾਸ ਅਤੇ ਹੋਰ ਸਹਿ-ਵਿਦਿਅਕ ਗਤੀਵਿਧੀਆਂ ਦਾ ਸੁਯੋਗ ਪ੍ਰਬੰਧ ਹੈ। ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਇੱਥੇ ਆ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਹੋਸਟਲ ਦਾ ਉਚਿਤ ਪ੍ਰਬੰਧ ਹੈ। ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਸ਼ਾਨਦਾਰ ਲਾਇਬੇਰੀ ਹੈ। ਇਸ ਤੋਂ ਇਲਾਵਾ ਕਾਲਜ ਵਿੱਚ ਕੰਪਿਊਟਰ ਲੈਬਜ਼, ਨਵਾਂ ਪ੍ਰਬੰਧਕੀ ਬਲਾਕ, ਵਾਈ-ਫਾਈ, ਸਮਾਰਟ ਕਲਾਸ ਰੂਮ, ਵਰਚੂਅਲ ਕਲਾਸ ਰੂਮ, ਲੈਂਗੂਏਜ਼ ਲੈਬ, ਸੋਲਰ ਪੈਨਲ, ਆਟੋਮੈਟਿਕ ਜੈਨਰੇਟਰ ਸੈਟ ਅਤੇ ਕੰਨਟੀਨ ਦੀਆਂ ਸੁਵਿਧਾਵਾਂ ਵੀ ਉਪਲੱਬਧ ਹਨ। ਕਾਲਜ ਦਾ ਹਰਿਆ -ਭਰਿਆ ਚੌਗਿਰਦਾ ਸਵੱਛ ਤੇ ਸੁਖਾਵਾਂ ਵਾਤਾਵਰਣ ਸਿਰਜਦਾ ਹੈ । ਅੱਜ ਕੱਲ੍ਹ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਚੱਲ ਰਹੇ ਵਾਤਾਵਰਨ ਨੂੰ ਧਿਆਨ ਵਿਚ ਰੱਖਦੇ ਹੋਏ ਅਧਿਆਪਕਾਂ ਅਤੇ ਵਿਦਿਆਰਥੀ ਵਿਚਕਾਰ E-Learning ਦੇ ਸਾਧਨਾਂ ਰਾਹੀਂ ਵਿਦਿਆ ਦਾ ਅਦਾਨ ਪ੍ਰਦਾਨ ਸੁਚੱਜੇ ਢੰਗ ਨਾਲ ਚਾਲ ਰਿਹਾ ਹੈ। ਪੰਜਾਬ ਸਰਕਾਰ ਦੇ ਦੇਸ਼ਾਂ-ਨਿਰਦੇਸ਼ਾਂ ਅਨੁਸਾਰ ਚੱਲਦੇ ਹੋਏ ਕਾਲਜ ਦੀ ਨੁਹਾਰ ਦਿਨ ਪਰ੍ਤੀਦਿਨ ਨਿਖਰਦੀ ਜਾ ਰਹੀ ਹੈ।
ਮੈਂ ਆਸਵੰਦ ਹਾਂ ਕਿ ਇਸ ਕਾਲਜ ਦੇ ਸੁਯੋਗ, ਮਿਹਨਤੀ ਅਤੇ ਸੁਹਿਰਦ ਅਧਿਆਪਕ ਅਤੇ ਸਮੂਹ ਦਫ਼ਤਰੀ ਅਮਲਾ ਤੁਹਾਡੇ ਇਸ ਕਾਲਜ ਵਿੱਚ ਆਉਣ ਅਤੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਪੂਰਨ ਸਹਿਯੋਗ ਦੇਣਗੇ।
ਮੇਰੀ ਇਹੋ ਮਨੋਕਾਮਨਾ ਹੈ ਕਿ ਤੁਸੀਂ ਇਸ ਕਾਲਜ ਵਿੱਚ ਵਿੱਦਿਆ ਹਾਸਲ ਕਰਕੇ ਇਸ ਮਹਾਨ ਸੰਸਥਾ ਦਾ ਗੌਰਵ ਸਦਾ ਕਾਇਮ ਰੱਖਦੇ ਹੋਏ ਜ਼ਿੰਦਗੀ ਦੀ ਹਰ ਮੰਜ਼ਲ ਨੂੰ ਫ਼ਤਹਿ ਕਰਨ ਦੇ ਸਮਰਥ ਹੋਵੋਗੇ ।

ਜੈ ਹਿੰਦ ! ! !
ਪ੍ਰੋ. (ਡਾ.) ਕੁਸਮ ਲਤਾ (ਪ੍ਰਿੰਸੀਪਲ)